ਦਾਦੂ ਦਿਆਲ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦਾਦੂ ਦਿਆਲ (1544–1603): ਸੰਤ ਦਾਦੂ ਦੇ ਜੀਵਨ ਦਾ ਸਿਲਸਿਲੇਵਾਰ ਕੋਈ ਪਰਿਚੈ ਨਹੀਂ ਮਿਲਦਾ। ਉਸ ਦੇ ਸ਼ਾਗਿਰਦਾਂ ਨੇ ਇੱਕ ਪ੍ਰਸਿੱਧ ਗ੍ਰੰਥ ਸ੍ਰੀ ਦਾਦੂ ਜਨਮ ਲੀਲਾ ਪਰਚੀ ਲਿਖਿਆ ਹੈ ਜਿਸ ਦੇ ਆਧਾਰ ਤੇ ਸਾਨੂੰ ਉਸ ਦੇ ਜਨਮ, ਜਾਤ ਅਤੇ ਜੀਵਨ ਬਾਰੇ ਕੁਝ ਜਾਣਕਾਰੀ ਮਿਲਦੀ ਹੈ। ‘ਪਰਚੀ` ਤੋਂ ਪਤਾ ਚੱਲਦਾ ਹੈ ਕਿ ਦਾਦੂ ਦਿਆਲ ਦਾ ਜਨਮ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਹੋਇਆ ਸੀ। ਉਹ ਪੂਰਨ ਸੰਤ ਸੀ, ਜਾਤ ਦਾ ਕੋਈ ਬੰਧਨ ਉਸ ਦੇ ਉਪਦੇਸ਼ ਨੂੰ ਸਮਝਣ ਵਿੱਚ ਰੁਕਾਵਟ ਨਹੀਂ ਬਣਦਾ।

     ਪ੍ਰਾਪਤ ਜਾਣਕਾਰੀ ਮੁਤਾਬਕ ਦਾਦੂ ਦਾ ਜਨਮ 1544 ਵਿੱਚ ਹੋਇਆ ਸੀ। 1603 ਵਿੱਚ ਇਹ ਚਲਾਣਾ ਕਰ ਗਿਆ ਸੀ। ਇਸ ਤਰ੍ਹਾਂ ਉਸ ਦੀ ਕੁੱਲ ਉਮਰ 59 ਸਾਲ ਬਣਦੀ ਹੈ। ਨਾਰਾਇਣ ਗ੍ਰਾਮ ਵਿੱਚ ਉਹ ਪਰਮਾਤਮਾ ਨੂੰ ਪਿਆਰਾ ਹੋਇਆ। ਉੱਥੇ ਅੱਜ ਭੀ ਦਾਦੂ ਪੰਥੀਆਂ ਦਾ ਦਾਦੂਦੁਆਰਾ ਮੌਜੂਦ ਹੈ। ਇੱਥੇ ਹਰ ਸਾਲ ਫੱਗਣ ਮਹੀਨੇ ਚਾਨਣੀ ਚੌਥ ਤੋਂ ਲੈ ਕੇ ਪੂਰਨਮਾਸ਼ੀ ਤੱਕ ਮੇਲਾ ਲੱਗਦਾ ਹੈ ਅਤੇ ਦਾਦੂ ਦਿਆਲ ਦੇ ਬਾਣੀ ਗ੍ਰੰਥ ਦੀ ਪੂਜਾ ਹੁੰਦੀ ਹੈ।

     ਦਾਦੂ ਦੇ ਗੁਰੂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਕਹਿੰਦੇ ਹਨ ਕਿ ਅਚਾਨਕ ਉਸ ਦੀ ਮੁਲਾਕਾਤ ਕਿਸੇ ਬਿਰਧ ਸਾਧੂ ਨਾਲ ਹੋਈ ਸੀ ਅਤੇ ਉਸ ਨੇ ਹੀ ਉਸ ਨੂੰ ਦੀਖਿਆ ਦਿੱਤੀ ਸੀ। ਉਸ ਦੀ ਬਾਣੀ ਵਿੱਚ ਮਿਲਦਾ ਹੈ:

ਗੈਬ ਮਾਂਹਿ ਗੁਰੂਦੇਵ ਮਿਲਾ, ਪਾਯਾ ਹਮ ਪਰਮਾਦ।

          ਮਸਤਕ ਮੇਰਾ ਕਰ ਧਰਾ, ਦਬਿਆ ਅਗਮ ਅਗਾਧ॥

     ਦਾਦੂ ਖ਼ਾਸ ਪੜ੍ਹਿਆ-ਲਿਖਿਆ ਨਹੀਂ ਸੀ, ਤਾਂ ਭੀ ਉਸ ਦੀ ਬਾਣੀ ਤੋਂ ਜਾਪਦਾ ਹੈ ਕਿ ਉਹ ਪਹੁੰਚਿਆ ਹੋਇਆ ਅਨੁਭਵੀ ਸੰਤ ਸੀ ਅਤੇ ਉਸ ਦਾ ਅਧਿਆਤਮਿਕ ਗਿਆਨ ਬੜਾ ਗਹਿਰਾ ਸੀ। ਕੁਝ ਵਿਦਵਾਨਾਂ ਦਾ ਕਥਨ ਹੈ ਕਿ ਉਹ ਅਠਾਰਾਂ ਵਰ੍ਹਿਆਂ ਦੀ ਉਮਰ ਤੱਕ ਅਹਿਮਦਾਬਾਦ ਵਿੱਚ ਰਿਹਾ, ਉਪਰੰਤ ਮੱਧ ਪ੍ਰਦੇਸ਼ ਵਿੱਚ ਘੁੰਮਦੇ ਹੋਏ ਅਖੀਰ ਰਾਜਸਥਾਨ ਦੇ ਜੈਪੁਰ ਸ਼ਹਿਰ ਵਿੱਚ ਆ ਕੇ ਰਹਿਣ ਲੱਗਾ। ਉਸ ਦੇ ਸਾਂਭਰ ਵਿੱਚ ਰਹਿਣ ਬਾਰੇ ਭੀ ਚਰਚਾ ਮਿਲਦੀ ਹੈ। ਦਾਦੂ ਨੇ ਦੇਸ ਵਿੱਚ ਲੰਮੀਆਂ ਉਦਾਸੀਆਂ ਕੀਤੀਆਂ ਅਤੇ ਜਗ੍ਹਾ-ਜਗ੍ਹਾ ਲੋਕਾਂ ਨੂੰ ਉਪਦੇਸ਼ ਦੇ ਕੇ ਰਾਹੇ ਪਾਇਆ। ਆਂਧੀ ਪਿੰਡ ਦੇ ਲੋਕਾਂ ਦੀ ਸੁੱਕੀ ਖੇਤੀ ਦੀ ਖ਼ਾਤਰ ਦਾਦੂ ਦੀ ਪ੍ਰਾਰਥਨਾ ਤੇ ਮੀਂਹ ਭੀ ਬਰਸ ਪਿਆ ਸੀ। ਦਾਦੂ ਬਾਣੀ ਵਿੱਚ ਇਸ ਦਾ ਪ੍ਰਮਾਣ ਮੌਜੂਦ ਹੈ:

ਆਗਿਆ ਅਪਰੰਪਾਰ ਕੀ, ਬਸਿ ਅੰਬਰ ਭਰਤਾਰ।

ਹਰੇ ਪਟੰਬਰ ਪਹਿਰਿ ਕਰ, ਧਰਤੀ ਕਰੈ ਸਿੰਗਾਰ।

ਕਾਲਾ ਮੂੰਹ ਕਰਿ ਕਾਲ ਕਾ, ਸਾਂਈ ਸਦਾ ਸੁਕਾਲ।

          ਮੇਘ ਤੁਮਾਰੇ ਘਰਿ ਘਣਾਂ, ਬਰਮਹੁ ਦੀਨ ਦਇਆਲ॥

     ਦਾਦੂ ਲਗਪਗ 1573 ਵਿੱਚ ਉਦਾਸੀਆਂ ਪੂਰੀਆਂ ਕਰ ਕੇ ਸਾਂਭਰ ਵਿੱਚ ਆ ਬਿਰਾਜਿਆ ਸੀ। ਉੱਥੇ ਆਪਣੇ ਸੇਵਕਾਂ ਅਤੇ ਸ਼ਰਧਾਲੂਆਂ ਦੇ ਸਤਿਸੰਗ ਵਿੱਚ ਇਹ ਬ੍ਰਹਮ ਨਾਂ ਦਾ ਭਜਨ ਸਿਮਰਨ ਕਰਦਾ ਸੀ। ਇਹਨਾਂ ਖ਼ਾਸ ਪ੍ਰਕਾਰ ਦੀਆਂ ਸਤਿਸੰਗ ਬੈਠਕਾਂ ਵਿੱਚ ਬ੍ਰਹਮ ਨਾਂ ਦਾ ਜਾਪ ਕੀਤਾ ਜਾਂਦਾ ਸੀ ਅਤੇ ਇਸ ਪ੍ਰਕਾਰ ਦੀ ਬੈਠਕ ਨੂੰ ‘ਅਲਖ-ਦਰੀਬਾ` ਕਿਹਾ ਜਾਂਦਾ ਸੀ। ਹੌਲੀ-ਹੌਲੀ ਇਸ ਸਤਿਸੰਗ ਮੰਡਲੀ ਨੇ ਇੱਕ ਸੰਪਰਦਾਇ ਦਾ ਰੂਪ ਲੈ ਲਿਆ ਅਤੇ ਲੋਕ ਇਸ ਨੂੰ ਬ੍ਰਹਮ ਸੰਪਰਦਾਇ ਕਹਿਣ ਲੱਗੇ। ਅੱਜ-ਕੱਲ੍ਹ ਇਸ ਨੂੰ ਦਾਦੂ ਪੰਥ ਕਹਿੰਦੇ ਹਨ ਅਤੇ ਇਸ ਪੰਥ ਵਿੱਚ ਨਿਮਨ ਪ੍ਰਕਾਰ ਦਾ ਉਪਦੇਸ਼ ਦਿੱਤਾ ਜਾਦਾ ਹੈ:

           (ੳ) ਪਰਮਾਤਮਾ ਅਤੇ ਗੁਰੂ ਦੀ ਮਹਿਮਾ।

           (ਅ) ਪਰਮੇਸ਼ਵਰ ਦਾ ਨਿਰਗੁਨ-ਨਿਰਾਕਾਰ ਸਤ, ਚਿਤ ਅਤੇ ਅਨੰਦ ਰੂਪ।

           (ੲ) ਪਰਮ ਭਗਤੀ।

           (ਸ) ਮਨ ਨੂੰ ਪਰਮਾਤਮਾ ਵਿੱਚ ਲੀਨ ਕਰਨਾ।

          (ਹ) ਸਤਿਸੰਗ, ਨਾਮ-ਜਾਪ ਅਤੇ ਆਤਮ-ਲੀਨਤਾ।

     ਦਾਦੂ ਪੰਥ ਜਾਂ ਬ੍ਰਹਮ ਸੰਪਰਦਾਇ ਦੇ ਸੇਵਕਾਂ ਵਿੱਚ ਉੱਚੇ ਆਚਰਨ, ਸਦਾਚਾਰ, ਪ੍ਰੇਮ-ਪਿਆਰ, ਨਾਮ-ਭਗਤੀ ਅਤੇ ਗੁਰੂ ਦੀ ਸ਼ਰਨ ਦਾ ਖ਼ਾਸ ਮਹੱਤਵ ਹੈ। ਸਾਧੂ ਲੋਗ ਹੱਥ ਵਿੱਚ ਸੁਮਿਰਨੀ ਰੱਖਦੇ ਹਨ, ਕੁਝ ਗੇਰੂਆ ਬਸਤਰ ਭੀ ਪਹਿਨਦੇ ਹਨ ਅਤੇ ਕੁਝ ਨਾਗਾ (ਸਫ਼ੈਦ ਕੱਪੜੇ ਪਹਿਨਣ ਵਾਲੇ) ਰਹਿੰਦੇ ਹਨ। ਦੋਹਾਂ ਤਰ੍ਹਾਂ ਦੇ ਸਾਧੂ ਵਿਆਹ ਨਹੀਂ ਕਰਦੇ।

     ਦਾਦੂ ਛੇ ਵਰ੍ਹੇ ਸਾਂਭਰ ਵਿੱਚ ਰਹੇ, ਮਗਰੋਂ ਆਮੇਰ (ਜੈਪੁਰ) ਆ ਠਹਿਰੇ। ਇੱਥੇ ਰਹਿੰਦੇ ਦਾਦੂ ਨੇ ਬੜੀ ਮਸ਼ਹੂਰੀ ਪ੍ਰਾਪਤ ਕੀਤੀ। ਬਾਦਸ਼ਾਹ ਅਕਬਰ ਨੇ ਉਸ ਦੀ ਮਹਿਮਾ ਸੁਣ ਕੇ ਉਸ ਨੂੰ ਆਗਰਾ ਦੇ ਪਾਸ ਫਤਿਹਪੁਰ ਸੀਕਰੀ ਬੁਲਾਇਆ ਅਤੇ ਖ਼ੂਬ ਆਉ-ਭਗਤ ਕੀਤੀ, ਸਤਿਸੰਗ ਕੀਤਾ।

     ਦਾਦੂ ਨੇ ਮਾਰਵਾੜ, ਬੀਕਾਨੇਰ, ਕਲਿਆਨਪੁਰ ਆਦਿ ਦੀ ਯਾਤਰਾ ਕੀਤੀ ਅਤੇ ਲੋਕਾਂ ਨੂੰ ਉਪਦੇਸ਼ ਦਿੱਤਾ। ਦਾਦੂ ਦਾ ਦਿਹਾਂਤ ਨਰਾਣਾ (ਨਾਰਾਇਣ ਗਾਂਵ) ਦੀ ਇੱਕ ਗੁਫਾ ਵਿੱਚ ਹੋਇਆ। ਅੱਜ ਭੀ ਗੁਫਾ ਵਿੱਚ ਉਸ ਦਾ ਚੋਲਾ, ਤੂੰਬਾ ਤੇ ਖੜਾਵਾਂ ਸੁਰੱਖਿਅਤ ਹਨ।

     ਸੰਤ ਦਾਦੂ ਸੁਭਾਅ ਦਾ ਬੜਾ ਨਿਮਰ ਅਤੇ ਖ਼ਿਮਾਸ਼ੀਲ ਸੀ। ਕਹਿੰਦੇ ਹਨ ਕਿ ਉਸ ਦੇ ਦਿਆਲੂ ਸੁਭਾਅ ਕਾਰਨ ਹੀ ਉਸ ਦੇ ਨਾਂ ਨਾਲ (ਦਾਦੂ) ‘ਦਿਆਲ` ਸ਼ਬਦ ਜੁੜਿਆ। ਲੋਕ ਨਿੰਦਾ, ਜੱਗ-ਹਸਾਈ ਜਾਂ ਵਿਰੋਧੀਆਂ ਦੇ ਤਾਹਨੇ- ਮਿਹਨਿਆਂ ਦਾ ਉਸ ਤੇ ਕੋਈ ਅਸਰ ਨਹੀਂ ਸੀ। ਇਹ ਆਪਣੇ ਪਰਮਾਤਮਾ ਦੇ ਧਿਆਨ ਵਿੱਚ ਮਗਨ ਰਹਿੰਦਾ ਅਤੇ ਨਾਮ-ਸਿਮਰਨ ਕਰਦਾ। ਲੋਕਾਂ ਦੇ ਪ੍ਰਤਿਕਰਮ ਦੀ ਪ੍ਰਵਾਹ ਇਹ ਨਹੀਂ ਕਰਦਾ ਸੀ।

     ਦਾਦੂ ਉਪਰ ਕਬੀਰ ਦਾ ਗਹਿਰਾ ਪ੍ਰਭਾਵ ਸੀ। ਇਸੇ ਲਈ ਉਸ ਦੀ ਵਿਚਾਰਧਾਰਾ ਕਬੀਰ ਦੀ ਸੋਚ ਅਤੇ ਜੀਵਨ-ਦਰਸ਼ਨ ਨਾਲ ਸਾਂਝ ਰੱਖਦੀ ਹੈ। ਨੈਤਿਕਤਾ ਅਤੇ ਸਦਾਚਾਰ ਉਸ ਦੇ ਉਪਦੇਸ਼ਾਂ ਦਾ ਮੂਲ ਹੈ:

ਆਪਾ ਮਿਟੈ, ਹਰਿ ਭਜੈ, ਤਨ, ਮਨ, ਤਜੈ ਵਿਕਾਰ।

          ਨਿਰਬੈਰੀ ਸਬ ਜੀਵ ਸੌਂ, ਦਾਦੂ ਯਹ ਮਤ ਸਾਰ॥

     ਕਬੀਰ ਨੇ ਜਿਸ ਨਿਰਗੁਣ ਪਾਰਬ੍ਰਹਮ ਦੀ ਸਾਧਨਾ ਕੀਤੀ ਹੈ, ਦਾਦੂ ਉਸੇ ਪਰਮ ਤੱਤ ਨੂੰ ਅਪਣਾਉਣਾ ਚਾਹੁੰਦਾ ਸੀ। ਮਨ, ਵਚਨ ਅਤੇ ਕਰਮ ਤੋਂ ਦਾਦੂ ਦੀ ਅਰਾਧਨਾ ਦਾ ਵਿਸ਼ਾ ਕਬੀਰ ਦਾ ਸਾਂਈਂ ਹੈ :

ਜੇਥਾ ਕੰਤ ਕਬੀਰ ਕਾ, ਸੋਈ ਵਰ ਵਰਿਹੂੰ।

          ਮਨਸਾਠ ਵਾਚਾ, ਕਰਮਨਾ, ਹਿਰਦੇ ਔਰ ਨ ਕਹਿਹੂੰ

(ਸਬਦ ਕੌ ਅੰਗ)

     ਦਾਦੂ ਦੇ ਬ੍ਰਹਮ ਦਾ ਸਰੂਪ ਪ੍ਰੇਮਮਈ ਅਤੇ ਸਹਿਜ ਹੈ। ਇਸ ਤੱਤ ਨੂੰ ਉਹ ਅਕਥਨੀ ਅਤੇ ਅਵਚਨੀਕ ਮੰਨਦਾ ਹੈ। ਉਸ ਨੂੰ ਸ਼ਬਦਾਂ ਵਿੱਚ ਵਿਅਕਤ ਨਹੀਂ ਕੀਤਾ ਜਾ ਸਕਦਾ। ਉਸ ਨੂੰ ਸਮਝ ਲੈਣ ਵਿੱਚ ਹੀ ਨਿਰਵਾਣ ਦਾ ਸੁਖ ਹੈ, ਇਸ ਨਾਲ ਦ੍ਵੈਤ-ਭਾਵਨਾ ਨਸ਼ਟ ਹੋ ਜਾਂਦੀ ਹੈ ਅਤੇ ਆਤਮਾ-ਪਰਮਾਤਮਾ ਇੱਕ ਹੋ ਜਾਂਦੇ ਹਨ। ਦਾਦੂ ਦਾ ਗਿਆਨ ਭੀ ਵਿਚਿੱਤਰ ਹੈ-ਉਸ ਅਨੁਸਾਰ ਸਭ ਕੁਝ ਪਰਮਾਤਮਾ ਦਾ ਹੈ ਅਤੇ ਪਰਮਾਤਮਾ ਉਸ ਦਾ ਹੈ:

ਤਨ ਭੀ ਮੇਰਾ, ਮਨ ਭੀ ਤੇਰਾ, ਤੇਰਾ ਪਿੰਡ ਪ੍ਰਾਨ।

          ਸਭ ਕੁਛ ਤੇਰਾ, ਤੂੰ ਹੈਂ ਮੇਰਾ, ਯਹ ਦਾਦੂ ਕਾ ਗਿਆਨ॥

(ਸੁੰਦਰੀ ਕੋ ਅੰਗ)

     ਆਤਮ-ਸਰੂਪ ਦੀ ਪਛਾਨ ਹੀ ਮੁਕਤੀ ਹੈ। ਇਸ ਲਈ ਘਰ-ਬਾਰ ਦੇ ਤਿਆਗ ਜਾਂ ਵਿਰਾਗ ਦੀ ਕੋਈ ਲੋੜ ਨਹੀਂ। ਆਪਣੇ ਪੰਥ ਬਾਰੇ ਉਹ ਖ਼ੁਦ ਲਿਖਦਾ ਹੈ:

ਭਾਈ ਰੇ, ਏਸਾ ਪੰਥ ਹਮਾਰਾ।

ਦ੍ਵੈਪਖ ਰਹਿਤ ਪੰਥ ਗਹਿ ਪੂਰਾ, ਅਵਰਣ ਏਕ ਅਧਾਰਾ।

ਵਾਦ-ਵਿਵਾਦ ਕਾਹੂ ਸੋਂ ਨਾਹੀਂ, ਮਾਂਹਿ ਜਗਤ ਥੈਂ ਨਿਆਰਾ।

ਸਮਦ੍ਰਿਸ਼ਟੀ ਸੁਭਾਇ ਸਹਜ ਮੈਂ,

ਆਪਹਿ ਆਪ ਵਿਚਾਰਾ॥੧॥

ਮੈਂ ਤੈਂ ਮੇਰੀ ਯਹੁ ਮਤਿ ਨਾਹੀਂ, ਨਿਰਬੈਰੀ ਨਿਰਕਾਰਾ।

ਪੂਰਣ ਸਬੈ ਦੇਖਿ ਆਯਾ ਪਰ, ਨਿਰਾਲੰਬ ਨਿਰਾਧਾਰਾ॥੨॥

ਕਾਹੂ ਕੇ ਸੰਗਿ ਮੋਹ ਨ ਮਮਿਤਾ, ਸੰਗੀ ਸਿਰਜਨ ਹਾਰਾ।

ਮਨ ਹੀ ਮਨ ਸੌਂ ਸਮਝਿ-ਸਯਾਨਾ,

ਆਨੰਦ ਏਕ ਅਪਾਰਾ॥੩॥

ਕਾਮ ਕਲਪਨਾ ਕਦੇ ਨ ਕੀਜੈ, ਪੂਰਨ ਬ੍ਰਹਮ ਪਿਆਰਾ।

ਇਹੀ ਪੰਥਿ ਪਹੁੰਚਿ ਪਾਰ ਗਹਿ ਦਾਦੂ,

          ਸੋ ਤੱਤ ਸਹਜਿ ਸੰਭਾਰਾ॥੪॥

(ਸ਼ਬਦ 66)


ਲੇਖਕ : ਮਨਮੋਹਨ ਸਹਿਗਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2733, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.